ਰੂਮ ਮੇਟਸ ਦੇ ਲੈਪਟਾਪ ਤੇ ਹੋਰ ਸਾਮਾਨ ਲੈ ਕੇ ਰਫੂ ਚੱਕਰ ਹੋਣ ਵਾਲੇ ਪੰਜਾਬੀ ਮੁੰਡੇ ਨੇ ਹੋਰ ਵੀ ਕਈਆਂ ਨੂੰ ਚੂਨਾ ਲਾਇਆ- ਲੋਕਾਂ ਨੂੰ ਬਚਣ ਦੀ ਸਲਾਹ
ਆਕਲੈਂਡ 18 ਮਈ (ਹਰਜਿੰਦਰ ਸਿੰਘ ਬਸਿਆਲਾ)-ਇਕ ਪੰਜਾਬੀ ਮੁੰਡਾ ਜਿਹੜਾ ਕਿ ਕੇਸਾਧਾਰੀ ਅਤੇ ਗੋਲ ਪਟਕਾ ਬੰਨ੍ਹ ਕੇ ਰੱਖਦਾ ਹੈ ਬੀਤੇ ਮੰਗਲਵਾਰ ਆਪਣੇ ਹੀ ਰੂਮ ਮੇਟਸ ਦਾ ਲੈਪ-ਟਾਪ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂ ਚੱਕਰ ਹੋ ਗਿਆ ਸੀ ਅਤੇ ਬਾਅਦ ਵਿਚ ਉਸਨੂੰ ਕਿਸੇ ਤਰ੍ਹਾਂ ਫੜ੍ਹ ਕੇ ਸਾਰਾ ਸਮਾਨਾ ਬਰਾਮਦ ਕਰ ਲਿਆ ਗਿਆ ਸੀ। ਇਸ ਮੁੰਡੇ ਨੇ ਭਾਵੇਂ ਆਪਣੀ ਗਲਤੀ ਮੰਨਦੇ ਹੋਏ ਕਿਹਾ ਹੈ ਕਿ ਇਸ ਨੇ ਡਿਪ੍ਰੈਸ਼ਨ ਦੇ ਚਲਦਿਆਂ ਅਤੇ ਅਜਿਹਾ ਕੀਤਾ ਹੈ, ਪਰ ਪਤਾ ਲੱਗਾ ਹੈ ਕਿ ਉਹ ਕਈਆਂ ਨੂੰ ਆਪਣੀ ਝੂਠੀ ਬਿਮਾਰੀ ਦਾ ਬਹਾਨਾ ਲਾ ਅਤੇ ਹੋਰ ਵੱਖ-ਵੱਖ ਬਹਾਨੇ ਲਾ ਕੇ ਪੈਸੇ ਲੈ ਲੈਂਦਾ ਸੀ ਅਤੇ ਫਿਰ ਵਾਪਿਸ ਨਹੀਂ ਸੀ ਕਰਦਾ। ਗੁਰਦੁਆਰਾ ਨਾਨਕਸਰ ਠਾਠ ਤੋਂ ਬਾਬਾ ਗੁਰਚਰਨ ਸਿੰਘ ਹੋਰਾਂ ਦੱਸਿਆ ਕਿ ਉਨ੍ਹਾਂ ਵੀ ਉਸਦੀ ਕਾਫੀ ਮਦਦ ਇਸ ਕਰਕੇ ਕੀਤੀ ਕਿ ਉਹ ਗੁਰਸਿੱਖ ਜਾਪਦਾ ਹੈ, ਪਰ ਉਨਾਂ ਦਾ ਵੀ 1000 ਡਾਲਰ ਦੇ ਕਰੀਬ ਪੈਸਾ ਉਸਨੇ ਦੱਬ ਰੱਖਿਆ ਹੈ। ਇਸ ਤੋਂ ਇਲਾਵਾ 100 ਡਾਲਰ ਕਿਸੀ ਕੋਲੋਂ, 20 ਡਾਲਰ ਕਿਸੀ ਕੋਲੋਂ ਇਸ ਤਰ੍ਹਾਂ ਕਰਕੇ ਉਸਨੇ ਕਈਆਂ ਨੂੰ ਚੂਨਾ ਲਾਇਆ ਹੈ।ਨਿਊਜ਼ੀਲੈਂਡ ਪਹੁੰਚਣ 'ਤੇ ਸੁਖਵਿੰਦਰ ਕੋਟਲੀ, ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਤੇ ਮਿਸ਼ਨਰੀ ਲੇਖਕ ਸ੍ਰੀ ਰੱਤੂ ਰੰਧਾਵਾ ਦਾ ਨਿੱਘਾ ਸਵਾਗਤ

ਆਕਲੈਂਡ 18 ਮਈ (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਿਊਜ਼ੀਲੈਂਡ ਦੇ ਵਿਚ ਮਨਾਏ ਜਾ ਰਹੇ 121ਵੇਂ ਜਨਮ ਦਿਨ 'ਤੇ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਪਹੁੰਚੇ ਬਸਪਾ ਜਨਰਲ ਸਕੱਤਰ ਸ੍ਰੀ ਸੁਖਵਿੰਦਰ ਕੋਟਲੀ, ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਤੇ ਮਿਸ਼ਨਰੀ ਲੇਖਕ ਸ੍ਰੀ ਰੱਤੂ ਰੰਧਾਵਾ ਦਾ ਬੀਤੀ ਰਾਤ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਰਵਾਂ ਸਵਾਗਤ ਕੀਤਾ ਗਿਆ। ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਮਹਿੰਦਰ ਪਾਲ, ਉਪ ਪ੍ਰਧਾਨ ਸ੍ਰੀ ਮਨਜੀਤ ਰੱਤੂ, ਜਨ. ਸਕੱਤਰ ਸ੍ਰੀ ਰਾਜ ਕੁਮਾਰ, ਸ੍ਰੀ ਰੇਸ਼ਮ ਕਰੀਮਪੁਰੀ, ਸੰਜੀਵ ਰੋਮੀਓ, ਅਮਰਜੀਤ ਬੰਗੜ, ਚਮਨਲਾਲ ਬੰਗੜ ਤੇ ਹੋਰ ਮੈਂਬਰ ਸਾਹਿਬਾਨਾਂ ਨੇ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਸੁਸਾਇਟੀ ਦੇ ਨਾਵਾਂ ਵਾਲੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਵਰਨਣਯੋਗ ਹੈ ਕਿ 20 ਮਈ ਨੂੰ ਪੁੱਕੀਕੁਈ ਟਾਊਨ ਹਾਲ, ਪੁੱਕੀਕੁਈ ਵਿਖੇ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗਾਇਕ ਬਲਵਿੰਦਰ ਬਿੱਟੂ, ਦੀਪਾ ਡੁਮੇਲੀ ਵੀ ਆਪਣੀ ਗਾਇਕੀ ਦੁਆਰਾ ਬਾਬਾ ਸਾਹਿਬ ਦੇ ਜੀਵਨ ਪ੍ਰਸੰਗ ਬਾਰੇ ਚਾਨਣਾ ਪਾਉਣਗੇ। ਇਸ ਸਮਾਗਮ ਦੇ ਵਿਚ ਉਪਰੋਕਤ ਮਹਿਮਾਨ ਆਪਣੇ ਵਿਚਾਰ ਰੱਖਣਗੇ। ਇਸ ਦਿਨ ਚਾਹ-ਪਾਣੀ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

.jpg)

http://tvnz.co.nz/breakfast-news/challenging-immigration-laws-video-4890503



ਆਕਲੈਂਡ 17 ਮਈ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਦਿਨੀਂ ਹਮਿਲਟਨ ਵਿਖੇ ਵਾਇਕਾਟੋ ਪੰਜਾਬੀ ਕਲਚਰਲ ਕਲੱਬ ਵੱਲੋਂ ਦੂਜਾ ਸਾਲਾਨਾ ਵਿਸਾਖੀ ਮੇਲਾ ਕਰਵਾਇਆ ਗਿਆ। ਮੇਲੇ ਵਿਚ 700 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਤੂੰਬੀ ਅਤੇ ਢੋਲ ਦੀ ਤਾਲ 'ਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਮੰਚ ਦਾ ਸੰਚਾਲਨ ਗੁਰਜਿੰਦਰ ਕੌਰ ਤੇ ਨਵਜੋਤ ਕੌਰ ਦੁਆਰਾ ਬਾਖੂਬੀ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰੁਪਿੰਦਰ ਸਿੰਘ ਵਿਰਕ ਵੱਲੋਂ ਸਮੂਹ ਦਰਸ਼ਕਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਵਿਸਾਖੀ ਦਾ ਇਤਿਹਾਸ ਦੱਸਿਆ ਗਿਆ ਅਤੇ ਕਲੱਬ ਦਾ ਮੁੱਖ ਮਕਸਦ ਦੱਸਿਆ ਗਿਆ। ਕਲੱਬ ਵੱਲੋਂ ਬੱਚਿਆਂ ਨੂੰ ਭੰਗੜਾ ਅਤੇ ਗਿੱਧਾ ਮੁਫ਼ਤ ਸਿਖਾਇਆ ਜਾਂਦਾ ਹੈ ਤਾਂ ਕਿ ਵਿਰਸੇ ਨਾਲ ਜੁੜੇ ਰਹਿਣ।
ਐਮ. ਪੀ. ਡੇਵਿਡ ਬੈਨਟ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਖੁਸ਼ੀਆਂ ਮਨਾਉਣਾ ਸਾਨੂੰ ਪੰਜਾਬੀਆਂ ਤੋਂ ਸਿੱਖਣਾ ਚਾਹੀਦਾ ਹੈ। ਮੇਲੇ ਦੇ ਆਰੰਭ ਵਿਚ ਭੰਗੜਾ ਕੋਚ ਜਸਵੀਰ ਸਿੰਘ ਸਿੱਧੂ ਵੱਲੋਂ ਵਿਸਾਖੀ ਦੇ ਅਧਾਰਤ ਵਾਰ ਗਾਈ ਗਈ। ਇਸ ਤੋਂ ਉਪਰੰਤ 5 ਤੋਂ 10 ਸਾਲ ਦੇ ਬੱਚੇ-ਬੱਚੀਆਂ ਦੁਆਰਾ ਭੰਗੜੇ ਤੇ ਗਿੱਧੇ ਦੇ ਜੌਹਰ ਵਿਖਾਏ ਗਏ। ਸੁਰਿੰਦਰ ਸਿੰਘ ਫਰਵਾਲਾ ਆਪਣੇ ਗੀਤ ਰਾਹੀਂ ਦਰਸ਼ਕਾਂ ਨੂੰ ਕੀਲ ਕੇ ਬਿਠਾਉਣ ਵਿਚ ਸਫ਼ਲ ਰਹੇ। 12 ਤੋਂ 16 ਸਾਲ ਦੇ ਲੜਕੇ-ਲੜਕੀਆਂ ਦੁਆਰਾ ਪੇਸ਼ ਕੀਤਾ ਭੰਗੜਾ ਅਤੇ ਸੱਮੀ ਨਾਚ ਸਭ ਦੇ ਦਿਲਾਂ ਨੂੰ ਭਾਅ ਹਿਆ। ਇਕ ਸ਼ੈਡੋ ਪਲੇਅ ਦੁਆਰਾ ਨਸ਼ਿਆ ਅਤੇ ਤਿਉਹਾਰ ਵਿਚਲੇ ਸਵਾਂਦਾ ਦਾ ਵਰਨਣ ਦਰਸ਼ਕਾਂ ਨਾਲ ਸਾਂਝਾ ਕੀਤਾ ਗਿਅ ਜਿਹੜਾ ਕਿ ਰਜਨੀ ਅਤੇ ਮਦਰ ਕੀਵੀ ਡਾਪ ਕਾਮ ਵੱਲੋਂ ਪੇਸ਼ ਕੀਤਾ ਗਿਆ। ਗਭਰੂਆਂ ਅਤੇ ਮੁਟਿਆਰਾ ਵੱਲੋਂ ਭੰਗੜੇ ਅਤੇ ਬੋਲੀਆਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ।
ਜਿਥੇ ਮੇਲਾ ਰੰਗਾ-ਰੰਗ ਭਰਪੂਰ ਸੀ ਉਥੇ ਉਪ ਪ੍ਰਧਾਨ ਜੁਝਾਰ ਸਿੰਘ ਰੰਧਾਵਾ, ਤਜਿੰਦਰ ਸਿੰਘ ਵਿਰਕ, ਗੀਤਾ ਰੰਧਾਵਾ, ਨਵਜੋਤ ਸਿੱਧੂ ਤੇ ਹੋਰਾਂ ਰਾਹੀਂ ਪ੍ਰੋਗਰਾਮ ਨੂੰ ਵਿਉਂਤ ਬੰਦੀ ਨਾਲ ਸਿਰੇ ਚਾੜਿਆ। ਪ੍ਰੋਗਰਾਮ ਦੇ ਅੰਤ ਵਿਚ ਵਾਇਕਾਟੋ ਕਲੱਬ ਦੇ ਪ੍ਰਧਾਨ ਵੱਲੋਂ ਸਾਰੇ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ। ਖਾਸ ਤੌਰ 'ਤੇ ਯੋਗੀ ਦੀ ਫੂਡ ਸਟੋਰ (ਜਿਨ੍ਹਾਂ ਖਾਣਾ ਸਪਾਂਸਰ ਕੀਤਾ), ਮਹਿੰਦਰ ਸਿੰਘ ਹਲਵਾਈ, ਗੁਰਿੰਦਰ ਸਿੰਘ, ਜਗਰੂਪ ਸਿੰਘ ਅਤੇ ਸੁਰਜੀਤ ਕੁਮਾਰ ਦੁਆਰਾ ਵਧੀਆ ਢੰਗ ਨਾਲ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।








ਗਲਿਟਰ ਕੁਲੈਕਸ਼ਨ ਜਿਊਲਰਜ਼ ਦੇ ਸ਼ੋਅ ਰੂਮ ਦਾ ਉਦਘਾਟਨ

ਆਕਲੈਂਡ-ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਏਗੀ ਕਿ ਸ੍ਰੀ ਮਨੋਜ ਸਿੰਘ ਰਾਜੂ ਜਿਨ੍ਹਾਂ ਨੂੰ ਸੋਨੇ ਅਤੇ ਚਾਂਦੀ ਦੇ ਕੰਮ ਦਾ ਕਾਫੀ ਤਜ਼ਰਬਾ ਹੈ, ਵੱਲੋਂ 252 ਵੈਸਟ ਕੋਸਟ ਰੋਡ, ਗਲੈਨ ਈਡਨ, ਵਾਇਟਾਕਰੀ (ਆਕਲੈਂਡ) ਵਿਖੇ ‘ਗਲਿਟਰ ਕੁਲੈਕਸ਼ਨ ਜਿਊਲਰਜ਼’ ਸ਼ੋਅ ਰੂਮ ਦਾ ਉਦਘਾਟਨ 5 ਮਈ ਨੂੰ ਕੀਤਾ ਗਿਆ।
ਸ਼ੋਅ ਰੂਮ ਦਾ ਉਦਘਾਟਨ ਸ. ਕੰਵਲਜੀਤ ਸਿੰਘ ਬਖਸ਼ੀ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ ਅਤੇ ਉਦਘਾਟਨੀ ਮੌਕੇ ਲੱਗੇ ਸਪੈਸ਼ਲਾਂ ਦਾ ਲਾਭ ਉਠਾਇਆ। ਸਾਰੇ ਮਹਿਮਾਨਾਂ ਵਾਸਤੇ ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਸੀ।
ਹੁਣ ਇਥੇ ਸੇਲ ਚੱਲ ਰਹੀ ਹੈ ਜਿਸ ਵਿੱਚ ਤੁਹਾਨੂੰ 22 ਕੈਰਟ, 9 ਕੈਰਟ, ਚਾਂਦੀ ਦੇ ਗਹਿਣੇ ਅਤੇ ਇਮੀਟੇਸ਼ਨ ਜਿਊਲਰੀ ਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਜਿਊਲਰੀ ਦੀ ਰਿਪੇਅਰ ਅਤੇ ਇੰਸ਼ੋਰੈਂਸ਼ ਵੀ ਕਰਵਾਈ ਜਾ ਸਕੇਗੀ। ਵਧੇਰੇ ਜਾਣਕਾਰੀ ਲਈ ਸ੍ਰੀ ਰਾਜੂ ਹੋਰਾਂ ਨਾਲ ਇਸ ਸਬੰਧੀ 09-813-4440 ਉਤੇ ਜਾਂ 021 0277 6113 ਉਤੇ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤੀ ਅਰਦਾਸ ਸਫ਼ਲ ਹੋਈ-ਨੌਜਵਾਨ ਲੜਕੀ ਦੀ ਅੱਖਾਂ ਦੀ ਰੌਸ਼ਨੀ ਵਾਪਿਸ ਪਰਤੀ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਰ ਰੋਜ਼ ਲੱਖਾਂ ਲੋਕ ਨਤਮਸਤਕ ਹੁੰਦੇ ਹਨ। ਜੀਵਨ ਜਾਚ ਅਤੇ ਮਨ ਦੀਆਂ ਮੁਰਾਦਾਂ ਦੀ ਪੂਰਤੀ ਲਈ ਅਰਦਾਸਾਂ ਕਰਦੇ ਹਨ। ਇਨ੍ਹਾਂ ਵਿਚੋਂ ਅਣਗਿਣਤ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਜਿਸ ਦੀ ਇਕ ਉਦਾਹਰਣ ਇੰਡੀਆ ਟੀ.ਵੀ. ਨੇ ਪੇਸ਼ ਕੀਤੀ ਹੈ। ਇਹ ਵੀਡੀਓ ਵੇਖਣ ਲਈ ਅੱਗੇ ਲਿਖੇ ਵੈਬ ਲਿੰਕ ਨੂੰ ਕਾਪੀ ਕਰਕੇ ਯੂ.ਟਿਊਬ. ਵੈਬ ਸਾਈਟ ਦੇ ਐਡਰੈਸ ਬਾਰ ਵਿਚ ਪੇਸਟ ਕਰੋ ਜੀ। http://www.youtube.com/watch?v=3N0dvmgTXZg&feature=share




ਨਿਊਜ਼ੀਲੈਂਡ 'ਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਵਸ 'ਤੇ ਪੰਜਾਬ ਤੋਂ ਸੁਖਵਿੰਦਰ ਕੋਟਲੀ ਤੇ ਹੋਰ ਪਹੁੰਚਣਗੇ

ਆਕਲੈਂਡ 15 ਮਈ (ਹਰਜਿੰਦਰ ਸਿੰਘ ਬਸਿਆਲਾ)-ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 121ਵਾਂ ਜਨਮ ਦਿਵਸ 20 ਮਈ ਨੂੰ ਪੁੱਕੀਕੁਈ ਟਾਊਨ ਹਾਲ, ਪੁੱਕੀਕੁਈ ਵਿਖੇ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਵਿਚ ਪੰਜਾਬ ਤੋਂ ਬਹੁਜਨ ਸਮਾਜ ਪਾਰਟੀ ਦੇ ਆਗੂ ਸ੍ਰੀ ਸੁਖਵਿੰਦਰ ਕੋਟਲੀ, ਨਿਰਮਲ ਰੱਤੂ ਤੇ ਬਲਵਿੰਦਰ ਬਿੱਟੂ ਹੋਰੀਂ ਵਿਸ਼ੇਸ਼ ਤੌਰ 'ਤੇ ਨਿਊਜ਼ੀਲੈਂਡ ਪਹੁੰਚ ਰਹੇ ਹਨ। ਇਸ ਮੌਕੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ ਅਤੇ ਚਾਹ-ਪਾਣੀ ਦਾ ਲੰਗਰ ਵੀ ਹੋਵੇਗਾ।

ਨਿਊਜ਼ੀਲੈਂਡ 'ਚ ਕਲਗੀਧਰ ਲਾਇਨਜ਼ ਵਾਲੀਵਾਲ ਟੀਮ ਨੇ ਜਿੱਤਾਂ ਦੀ ਖੁਸ਼ੀ ਵਿਚ ਖਿਡਾਰੀਆਂ ਨਾਲ ਰਾਤਰੀ ਭੋਜ ਕੀਤਾ

ਆਕਲੈਂਡ 14 ਮਈ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਵਾਲੀਵਾਲ ਖੇਡ ਦੇ ਵਿਚ ਚੋਖਾ ਨਾਂਅ ਚਮਕਾਉਣ ਵਾਲੀ ਟੀਮ 'ਲਾਇਨਜ਼ ਵਾਲੀਵਾਲ' ਨੇ ਇਸ ਸਾਲ ਦਾ ਸੀਜ਼ਨ ਖਤਮ ਹੋਣ ਅਤੇ ਇਸ ਸੀਜ਼ਨ ਦੌਰਾਨ 7 ਟੂਰਨਾਮੈਂਟ ਵਿਚੋ 5 ਟੂਰਨਾਮੈਂਟ ਜਿੱਤਣ ਦੀ ਖੁਸ਼ੀ ਵਿਚ ਇਕ ਰਾਤਰੀ ਭੋਜ ਕੀਤਾ। ਜਿਸ ਦੇ ਵਿਚ ਸਾਰੇ ਖਿਡਾਰੀਆਂ ਨੇ ਪਿਛਲੀਆਂ ਜਿੱਤਾਂ ਦੀ ਖੁਸ਼ੀ ਮਨਾਈ ਅਤੇ ਖੇਡ ਭਾਵਨਾ ਬਰਕਰਾਰ ਰੱਖਣ ਦਾ ਪ੍ਰਣ ਕੀਤਾ। ਇਸ ਟੀਮ ਨੇ 2 ਟੂਰਨਾਮੈਂਟ ਟੌਰੰਗਾ ਸ਼ਹਿਰ ਵਿਖੇ, ਇਕ ਟੀਪੁੱਕੀ, ਇਕ ਪਾਪਾਟੋਏਟੋਏ ਅਤੇ ਇਕ ਟਾਕਾਨੀਨੀ ਵਿਖੇ ਜਿੱਤਿਆ ਸੀ। ਲਾਇਨਜ਼ ਵਾਲੀਵਾਲ ਟੀਮ ਤੋਂ ਸ. ਬੀਰਬੇਅੰਤ ਸਿੰਘ ਬੈਂਸ ਨੇ ਇਹ ਖੁਸ਼ੀ ਪ੍ਰੈਸ ਨਾਲ ਜ਼ਾਹਿਰ ਕੀਤੀ ਹੈ।
ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਵਿਖੇ ਦੋ ਨਵੇਂ ਬਣੇ ਜੇ.ਪੀਜ਼ ਰਾਜ ਬੇਦੀ ਅਤੇ ਮਲਕੀਤ ਸਿੰਘ ਸਹੋਤਾ ਦਾ ਸਨਮਾਨ

ਆਕਲੈਂਡ 14 ਮਈ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਐਤਵਾਰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਦੋ ਨਵੇਂ ਜੇ.ਪੀਜ਼ ਸ. ਰਾਜ ਬੇਦੀ ਅਤੇ ਸ. ਮਲਕੀਤ ਸਿੰਘ ਸਹੋਤਾ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਵਾਂ ਜੇ.ਪੀਜ਼ ਨੇ ਭਾਰਤੀ ਕਮਿਊਨਿਟੀ ਨੂੰ ਅਪੀਲ ਕੀਤੀ ਕਿ ਉਹ ਜੇ. ਪੀ. ਦੀਆਂ ਸੇਵਾਵਾਂ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਸ. ਰਾਜ ਬੇਦੀ ਹਰ ਐਤਵਾਰ 11 ਤੋਂ 12 ਵਜੇ ਤੱਕ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਹੋਇਆ ਕਰਨਗੇ।
ਨਿਊਜ਼ੀਲੈਂਡ ਇਮੀਗ੍ਰੇਸ਼ਨ ਕਾਨੂੰਨ ਬਦਲਣ ਤੋਂ ਪਹਿਲਾਂ ਬਹੁਗਿਣਤੀ ਪਰਿਵਾਰਾਂ ਵਲੋਂ ਸੁਪਰੀਮ ਸਿੱਖ ਕੌਸਲ ਦੇ ਸਹਿਯੋਗ ਨਾਲ ਅਰਜ਼ੀਆਂ ਭਰੀਆਂ
ਆਕਲੈਂਡ 14 ਮਈ (ਹਰਜਿੰਦਰ ਸਿੰਘ ਬਸਿਆਲਾ)-15 ਮਈ ਨੂੰ ਨਿਊਜ਼ੀਲੈਂਡ ਦੇ ਇੰਮੀਗਰੇਸ਼ਨ ਕਾਨੂੰਨ 'ਚ ਵੱਡੀ ਤਬਦੀਲੀ ਹੋ ਰਹੀ ਹੈ ਜਿਸ ਕਾਰਨ ਜਿੱਥੇ ਭਾਰਤੀ ਭਾਈਚਾਰੇ 'ਚ ਸੋਗ ਅਤੇ ਗੁੱਸੇ ਦੀ ਲਹਿਰ ਜਾਰੀ ਹੈ ਉੱਥੇ ਸੁਪਰੀਮ ਸਿੱਖ ਕੌਸਲ ਨਿਊਜ਼ੀਲੈਂਡ ਵੱਲੋਂ ਵਲੋਂ ਲਗਾਤਾਰ ਲੋਕਾਂ ਦੀ ਕੀਤੀ ਜਾ ਰਹੀ ਮਦਦ ਨਾਲ ਸਦਕਾ 60 ਤੋਂ ਉਪਰ ਪੰਜਾਬੀ ਪਰਿਵਾਰ ਪੱਕੇ ਤੌਰ ਤੇ ਅਰਜ਼ੀਆਂ ਦਾਖਲ ਕਰ ਰਹੇ ਹਨ। ਸਿੱਖ ਕੌਂਸਲ ਦੇ ਕਨਵੀਨਰ ਸ. ਦਲਜੀਤ ਸਿੰਘ ਜਿਨ੍ਹਾਂ ਨੇ ਇਸ ਬਦਲ ਹੋ ਰਹੀ ਪਾਲਿਸੀ ਤੋਂ ਸਭ ਤੋਂ ਵੱਧ ਭਾਈਚਾਰੇ ਨੂੰ ਜਾਣੂ ਕਰਵਾਇਆ ਉੱਤੇ ਲਗਾਤਾਰ ਕਈ-ਕਈ ਘੰਟੇ ਲਾ ਕੇ ਲੋੜਵੰਦਾ ਦੀ ਨਿਸ਼ਕਾਮ ਮਦਦ ਕੀਤੀ । ਮੈਡੀਕਲ ਪੈਨਲ ਡਾਕਟਰਾਂ ਨਾਲ ਸੰਪਰਕ ਕਰਕੇ ਤੁਰੰਤ ਹੈਲਥ ਮੈਡੀਕਲ ਕਰਵਾਏ ਗਏ ਅਤੇ ਸ੍ਰੋਤਾਂ ਰਾਹੀ ਪੀ. ਸੀ. ਸੀ. ਵੀ ਦਿਵਾ ਮਦਦ ਕੀਤੀ। ਨਿਊਜ਼ੀਲੈਂਡ ਦੇ ਵਿਚ ਕਿਸੇ ਹੋਰ ਭਾਰਤੀ ਸੰਸਥਾ ਵੱਲੋਂ ਇਸ ਤਰ੍ਹਾਂ ਦੇ ਕਿਸੇ ਉਪਰਾਲੇ ਦੀ ਖਬਰ ਨਹੀਂ ਮਿਲੀ ਹੈ। ।ਸੁਪਰੀਮ ਸਿੱਖ ਕੌਸਲ 7 ਗੁਰੂ ਘਰਾਂ ਦੇ ਸਹਿਯੋਗ ਨਾਲ ਇਸ ਸਬੰਧੀ ਅੱੱਗੇ ਕਾਰਵਾਈ ਕਰਨ ਲਈ ਵੀ ਤਿਆਰੀ 'ਚ ਹੈ ਅਤੇ ਆਉਣ ਵਾਲੇ ਦਿਨਾਂ ਚ ਭਾਰਤੀ ਮੀਡੀਏ ਵਲੋਂ ਵੀ ਇਸ ਸਬੰਧੀ ਚੁੱਪ ਤੋੜੀ ਜਾ ਸਕਦੀ ਹੈ। ਪਤਾ ਲੱਗਾ ਹੈ ਕੇ ਇੱਥੋਂ ਭਾਰਤ ਨੂੰ ਗਏ ਇੱਕ ਪੰਜਾਬੀ ਭਰਾ ਕੋਲ ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਫਾਈਲਾਂ ਦਾ ਭਾਰ 10 ਤੋਂ 12 ਕਿਲੋ ਸੀ ਤੇ ਲੋਕ ਆਖਿਰੀ ਸਮੇਂ ਤੱਕ ਭੱਜ ਨੱਠ ਕਰਦੇ ਦੇਖੇ ਗਏ।

ਭਾਈ ਗੁਰਮੇਜ ਸਿੰਘ (ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਵਾਲਿਆਂ ਦੀ ਵੀਡੀਓ ਇੰਟਰਵਿਊ ਯੂ. ਟਿਊਬ 'ਤੇ

ਭਾਈ ਗੁਰਮੇਜ ਸਿੰਘ (ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਜੋ ਕਿ ਨਿਊਜ਼ੀਲੈਂਡ ਫੇਰੀ 'ਤੇ ਆਏ ਸਨ। ਉਨ੍ਹਾਂ ਨਾਲ 'ਪੰਜਾਬੀ ਹੈਰਲਡ' ਆਨ ਲਾਈਨ ਪੰਜਾਬੀ ਅਖ਼ਬਾਰ ਨਿਊਜ਼ੀਲੈਂਡ ਵੱਲੋਂ ਵੀਡੀਓ ਮੁਲਾਕਾਤ ਕੀਤੀ ਗਈ ਹੈ। ਇਹ ਵੀਡੀਓ ਤਿੰਨ ਭਾਗਾਂ ਵਿਚ ਹੈ ਜਿਨ੍ਹਾਂ ਨੂੰ ਯੂ.ਟਿਊਬ. ਉਤੇ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਵੇਖਣ ਲਈ ਭਾਗ ਇਕ ਦੇ ਇਸ ਵੈਬ ਲਿੰਕ ਨੂੰ ਕਾਪੀ ਕਰਕੇ ਐਡਰੈਸ ਬਾਰ ਵਿਚ ਪੇਸਟ ਕਰੋ ਜੀ। http://www.youtube.com/playlist?list=PL70CD07E101DEADDA&feature=plcp
ਨਿਊਜ਼ੀਲੈਂਡ 'ਚ ਹੋਏ 'ਪੰਜਾਬੀ ਕਲਚਰਲ ਫੈਸਟੀਵਲ' ਵਿਚ ਪੰਜਾਬ ਤੋਂ ਪਹੁੰਚੇ ਪ੍ਰਸਿੱਧ ਕਲਾਕਾਰਾਂ ਗਾਇਕ ਰਣਜੀਤ ਮਣੀ, ਬਲਬੀਰ ਚੋਟੀਆਂ, ਮਨਪ੍ਰੀਤ ਚਾਹਲ ਤੇ ਬੀਬਾ ਕਿਰਨਦੀਪ ਦੀਪੂ ਹੋਰਾਂ ਖੂਬ ਰੰਗ ਬੰਨ੍ਹਿਆ

ਆਕਲੈਂਡ 13 ਮਈ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ਲ਼ੈਂਡ ਇੰਡੀਅਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਹਰਦੇਵ ਬਰਾੜ, ਉਪ ਪ੍ਰਧਾਨ ਕਮਲਜੀਤ ਰਾਣੇਵਾਲ ਤੇ ਸਕੱਤਰ ਬਲਕਾਰ ਸਿੰਘ ਵੱਲੋਂ ਟੈਲਸਟ੍ਰਾ ਕਲੀਅਰ ਸੈਂਟਰ ਮੈਨੁਕਾਓ ਵਿਖੇ ਅੱਜ ਰਾਤ ਆਯੋਜਿਤ ਕੀਤੇ ਗਏ 'ਪੰਜਾਬੀ ਕਲਚਰਲ ਫੈਸਟੀਵਲ-2012' ਵਿਚ ਪੰਜਾਬ ਤੋਂ ਆਏ ਪ੍ਰਸਿੱਧ ਪੰਜਾਬੀ ਕਲਾਕਾਰਾਂ ਗਾਇਕ ਰਣਜੀਤ ਮਣੀ, ਬਲਬੀਰ ਚੋਟੀਆਂ, ਮਨਪ੍ਰੀਤ ਚਾਹਲ ਤੇ ਬੀਬਾ ਕਿਰਨਦੀਪ ਦੀਪੂ ਹੋਰਾਂ ਖੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਸਥਾਨਕ ਗਾਇਕਾਂ ਜਿਨ੍ਹਾਂ ਵਿਚ ਹਰਦੇਵ ਮਾਹੀਨੰਗਲ, ਦੀਪਾ ਡੁਮੇਲੀ ਨੇ ਗੀਤਾਂ ਅਤੇ ਮਿਸ ਹਰਜਸਲੀਨ ਨੇ ਭੰਗੜਾ ਅਤੇ ਹੋਰ ਗੀਤਾਂ ਉਤੇ ਨਾਚ ਕਰਕੇ ਮੇਲੇ ਨੂੰ ਜੋਬਨ ਵੱਲ ਤੋਰਿਆ। ਮਨਪ੍ਰੀਤ ਚਾਹਲ ਤੋਂ ਬਾਅਦ ਦੀਪਾ ਡੁਮੇਲੀ ਨੇ ਆਪਣਾ ਨਵਾਂ ਗੀਤ ਜੋ ਕਿ 1984 ਦੇ ਦੰਗਿਆਂ ਨੂੰ ਸਮਰਪਿਤ ਸੀ 'ਇਸ ਚੰਦਰੀ ਦਿੱਲੀ ਨੇ','ਕੱਲਾ ਕੱਲਾ ਲੜ ਪੱਗ ਦਾ' ਤੇ 'ਮਿਰਜ਼ਾ' ਗਾ ਕੇ ਸੋਰਤਿਆਂ ਦਾ ਮਨੋਰੰਜਨ ਕੀਤਾ। ਹਰਦੇਵ ਮਾਹੀਨੰਗਲ ਨੇ 'ਚਾਦਰ','ਰੱਬਾ ਖੈਰ ਨਹੀਂ' ਤੇ ਹੋਰ ਗੀਤ ਗਾ ਕੇ ਆਪਣੀ ਪ੍ਰਪੱਕ ਗਾਇਕੀ ਦਾ ਸਬੂਤ ਦਿੱਤਾ। ਬਲਬੀਰ ਚੋਟੀਆਂ ਨੇ ਆਪਣੇ ਹਿੱਟ ਗੀਤ 'ਇਕ ਮਾਂ', 'ਕਾਲਾ ਰੰਗ' ਤੇ ਹੋਰ ਗੀਤ ਗਾ ਕੇ ਪੰਜਾਬ ਦੇ ਮੇਲੇ ਮੌਹਲ ਪੇਸ਼ ਕੀਤਾ। ਬੀਬਾ ਕਿਰਨਦੀਪ ਦੀਪੂ 'ਤੂੰ ਕਿਹੜਾ ਨਿੱਤ ਆਖਣਾ','ਕੋਈ ਗਭਰੂ ਪਸੰਦ ਨਾ ਆਵੇ','ਦਿਲ ਦੇ ਤਖਤ 'ਤੇ' ਤੇ ਬਲਬੀਰ ਚੋਟੀਆਂ ਨਾਲ ਦੋਗਾਣਾ ਗੀਤ 'ਸਰਪੰਚੀ' ਆਦਿ ਗਾ ਕੇ ਅਖਾੜੇ ਦਾ ਭੁਲੇਖਾ ਪਾਇਆ। ਫਿਰ ਵਾਰੀ ਆਈ ਦਹਾਕਿਆਂ ਬੱਧੀ ਪੰਜਾਬ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਾਇਕ ਰਣਜੀਤ ਮਣੀ ਦੀ। ਉਨ੍ਹਾਂ ਪਹਿਲਾਂ 'ਮਾਂ ਦਿਵਸ' ਨੂੰ ਸਮਰਪਿਤ ਇਕ ਗੀਤ 'ਮਾਂ ਤੋਂ ਵੱਧ ਕੇ ਪਿਆਰ ਕੋਈ ਨੀ ਕਰ ਸਕਦਾ','ਰਾਂਝੇ ਦਾ ਪ੍ਰਿੰਸੀਪਲ ਜੀ','ਮੁੜ ਵਤਨੀ ਆ' ਤੇ 'ਚੰਨਾ ਪਾਸਪੋਰਟ ਬਣਾ ਲਿਆ' ਗਾ ਕੇ ਪੰਜਾਬੀ ਨੌਜਵਾਨਾਂ ਨੂੰ ਕਾਲਜ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾਈ। ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਡਾ. ਮਹਿੰਦਰਪਾਲ, ਲਖਵੀਰ ਸਿੰਘ ਕੈਲਵਨ, ਇੰਦਰਜੀਤ ਕਾਲਕਟ, ਦਲਜੀਤ ਸਿੰਘ ਜੇ.ਪੀ., ਸ. ਤੀਰਥ ਸਿੰਘ ਇੰਡੋਸਪਾਈਸ ਤੇ ਹੋਰ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ। ਪੰਜਾਬ ਤੋਂ ਆਏ ਸਾਰੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਨਿਊਜ਼ੀਲੈਂਡ 'ਚ ਪਹਿਲੀ ਵਾਰ ਸਿੱਖ ਗੁਰੂਆਂ ਦੀਆਂ ਹੱਥ ਲਿਖਤਾਂ ਅਤੇ ਹੋਰ ਧਾਰਮਿਕ ਨਿਸ਼ਾਨੀਆ ਦੇ ਦਰਸ਼ਨ ਕਰਵਾਏ ਗਏ

ਆਕਲੈਂਡ 13 ਮਈ (ਹਰਜਿੰਦਰ ਸਿੰਘ ਬਸਿਆਲਾ)-ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਨਿਨ ਸਿੱਖ ਰਹੇ ਭਾਈ ਰੂਪ ਚੰਦ ਜੀ (ਭਾਈ ਰੂਪਾ ਜੀ) ਦੀ 13ਵੀਂ ਵੰਸ਼ ਵਿਚੋਂ ਭਾਈ ਬੂਟਾ ਸਿੰਘ ਪਹਿਲੀ ਵਾਰ ਸਿੱਖ ਗੁਰੂਆਂ ਦੇ ਹੱਥ ਲਿਖਤ ਹੁਕਮਨਾਮੇ, ਬਾਬਾ ਬੰਦਾ ਬਹਾਦਰ ਜੀ ਵੱਲੋਂ ਲਿਖਿਆ ਹੁਕਮਨਾਮਾ, ਗੁਰੂਆਂ ਵੱਲੋਂ ਵਰਤੇ ਗਏ ਭਾਂਡੇ, ਗੁਰੂ ਗੋਬਿੰਦ ਸਿੰਘ ਜੀ ਵਲੋਂ ਚਮਕੌਰ ਦੀ ਜੰਗ ਵਿਚ ਵਰਤੀ ਢਾਲ, ਪੰਜਵੇਂ ਪਾਤਿਸ਼ਾਹ ਜੀ ਦੀਆਂ ਖੜਾਵਾਂ, ਮਾਤਾ ਗੰਗਾ ਜੀ ਦੀ ਖੜਾਵ ਅਤੇ ਹੋਰ ਕਈ ਅਨਮੋਲ ਵਸਤਾਂ ਦੇ ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਨ੍ਹਾਂ ਵਸਤਾਂ ਦੇ 19 ਮਈ ਨੂੰ ਗੁਰਦੁਆਰਾ ਸਾਹਿਬ ਟੀ ਪੁੱਕੀ ਤੇ 20 ਮਈ ਨੂੰ ਗੁਰਦੁਆਰਾ ਸਾਹਿਬ ਹੇਸਟਿੰਗ ਵਿਖੇ ਵੀ ਦਰਸ਼ਨ ਕਰਾਏ ਜਾਣਗੇ।

https://www.facebook.com/PunjabiHerald
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਹੋਰਾਂ ਨੂੰ ਨਿੱਘੀ ਵਿਦਾਇਗੀ

ਆਕਲੈਂਡ 6 ਮਈ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਲਗਪਗ ਢਾਈ ਮਹੀਨਿਆਂ ਤੋਂ ਇਥੇ ਗੁਰਬਾਣੀ ਕੀਰਤਨ ਰਾਹੀਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਹਾਜ਼ਰੀ ਭਰ ਰਹੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਵਜੀਦਪੁਰ (ਨਵਾਂਸ਼ਹਿਰ) ਵਾਲਿਆਂ ਦੇ ਰਾਗੀ ਜਥੇ ਨੂੰ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਹੋਏ ਹਫਤਾਵਾਰੀ ਸਮਾਗਮ ਦੀ ਸਮਾਪਤੀ 'ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਭਾਈ ਸਾਹਿਬ ਨੇ ਅੱਜ ਬਹੁਤ ਹੀ ਰਸਭਿੰਨੀ ਰਸਨਾ ਨਾਲ ਸੰਗਤਾਂ ਦੀ ਇੱਛਾ ਮੁਤਾਬਿਕ 'ਬਿਨੁ ਭਾਗਾਂ ਸਤਸੰਗ ਨਾ ਲਭੈ' ਅਤੇ 'ਪ੍ਰਾਣੀ ਤੂੰ ਆਇਆ ਲਾਹਾ ਲੈਣਿ' ਆਦਿ ਗਾਇਨ ਕਰਕੇ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਯਾਦ ਤਾਜ਼ਾ ਕਰਵਾਈ। ਭਾਈ ਸਾਹਿਬ 15 ਮਈ ਨੂੰ ਪੰਜਾਬ ਪਹੁੰਚਣਗੇ।